ਘੁਮਾਣ ਵਿਖੇ ਪਿਓ ਪੁੱਤ ਇਨਸਾਫ਼ ਲੈਣ ਲਈ ਹਾਈ ਵੋਲਟੇਜ ਤਾਰਾਂ ਦੇ ਟਾਵਰ ’ਤੇ ਚੜ੍ਹੇ
ਘੁਮਾਣ, (ਗੁਰਦਾਸਪੁਰ), 8 ਅਪ੍ਰੈਲ (ਬਮਰਾਹ)- ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਕਸਬਾ ਘੁਮਾਣ ਵਿਖੇ ਘੁਮਾਣ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਦਾਣਾ ਮੰਡੀ ਦੇ ਨਜ਼ਦੀਕ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੇ ਟਾਵਰ ’ਤੇ ਪਿਓ ਪੁੱਤ ਪੁਲਿਸ ਤੋਂ ਇਨਸਾਫ ਲੈਣ ਲਈ ਟਾਵਰ ’ਤੇ ਚੜ੍ਹ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਮਨ ਸਿੰਘ ਅਤੇ ਉਸ ਦੇ ਪਿਤਾ ਹਰਦੇਵ ਸਿੰਘ ਪਿੰਡ ਸ਼ੈਲੋਵਾਲ ਦੇ ਰਹਿਣ ਵਾਲੇ ਹਨ ਅਤੇ ਸਵੇਰੇ ਕਰੀਬ 9 ਵਜੇ ਉਹ ਇਸ ਹਾਈ ਵੋਲਟੇਜ ਤਾਰਾਂ ਦੇ ਟਾਵਰ ’ਤੇ ਚੜ੍ਹ ਗਏ।
ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਤੋਂ ਆਪਣੇ ਨਾਲ ਹੋਈ ਧੱਕੇਸ਼ਾਹੀ ਅਤੇ ਭਰਾ ਦੇ ਕਤਲ ਦੇ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਉਲਟਾ ਦੂਸਰੀ ਧਿਰ ਸਿਆਸੀ ਦਬਾਅ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਸਾਨੂੰ ਜਾਣ ਬੁੱਝ ਕੇ ਹੋਰ ਮੁਕੱਦਮਿਆਂ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੇ ਛੋਟੇ ਭਰਾ ਨੂੰ ਪੁਲਿਸ ਨੇ ਸਵੇਰੇ ਸਾਡੇ ਘਰੋਂ ਚੁੱਕ ਲਿਆ, ਜਦੋਂ ਅਸੀਂ ਪਤਾ ਕੀਤਾ ਤਾਂ ਸਾਨੂੰ ਪੁਲਿਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਸਾਨੂੰ ਸ਼ੱਕ ਹੈ ਕਿ ਪੁਲਿਸ ਨੇ ਸਾਨੂੰ ਕਿਸੇ ਨਾਜਾਇਜ਼ ਪਰਚੇ ਵਿਚ ਨਾਮਜ਼ਦ ਕੀਤਾ ਹੈ, ਜਿਸ ਕਰਕੇ ਮੇਰੇ ਭਰਾ ਨੂੰ ਪੁਲਿਸ ਨੇ ਤੜਕਸਾਰ ਚੁੱਕ ਲਿਆ।
ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਇਨਸਾਫ਼ ਨਹੀਂ ਮਿਲਦਾ, ਅਸੀਂ ਟਾਵਰ ਤੋਂ ਥੱਲੇ ਨਹੀਂ ਉਤਰਾਂਗੇ ਅਤੇ ਜੇਕਰ ਫਿਰ ਵੀ ਪੁਲਿਸ ਨੇ ਸੁਣਵਾਈ ਨਾ ਕੀਤੀ ਤਾਂ ਅਸੀਂ ਮਰਨ ਲਈ ਮਜਬੂਰ ਹੋਵਾਂਗੇ। ਮੌਕੇ ’ਤੇ ਪਹੁੰਚੀ ਥਾਣਾ ਘੁਮਾਣ ਦੀ ਪੁਲਿਸ ਦੇ ਐਸ.ਐਚ.ਓ. ਹਰਜਿੰਦਰ ਸਿੰਘ ਦਿਓਲ ਨੇ ਕਿਹਾ ਕਿ ਇਹ ਮਸਲਾ ਪੁਲਿਸ ਚੌਂਕੀ ਬਟਾਲਾ ਦਾ ਹੈ ਪਰ ਫਿਰ ਵੀ ਟਾਵਰ ’ਤੇ ਚੜੇ ਪਿਓ ਪੁੱਤ ਨੂੰ ਵਿਸ਼ਵਾਸ ਦਵਾਇਆ ਜਾ ਰਿਹਾ ਹੈ ਕਿ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਪਰ ਹਾਲੇ ਤੱਕ ਉਹ ਆਪਣੀ ਜ਼ਿੱਦ ’ਤੇ ਕਾਇਮ ਹਨ।
;
;
;
;
;
;
;
;