ਅੰਬੇਡਕਰ ਕਾਰਨ ਜੇਐਨਯੂ ਵਿਚ ਪਹਿਲੀ ਮਹਿਲਾ ਵੀਸੀ ਬਣਨਾ ਸੰਭਵ ਹੋਇਆ: ਪੰਡਿਤ
ਨਵੀਂ ਦਿੱਲੀ, 9 ਅਪ੍ਰੈਲ (ਪੀਟੀਆਈ)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੰਤੀਸ਼੍ਰੀ ਧੂਲੀਪੁੜੀ ਪੰਡਿਤ ਨੇ ਕਿਹਾ ਕਿ ਸੰਸਥਾ ਦੀ ਪਹਿਲੀ ਮਹਿਲਾ ਵੀਸੀ ਵਜੋਂ ਉਨ੍ਹਾਂ ਦਾ ਅਹੁਦਾ ਬੀ.ਆਰ. ਅੰਬੇਡਕਰ ਦੇ ਸੰਘਰਸ਼ ਅਤੇ ਔਰਤਾਂ ਦੇ ਅਧਿਕਾਰਾਂ ਲਈ ਸਮਰਥਨ ਕਾਰਨ ਸੰਭਵ ਹੋਇਆ ਹੈ।
ਪੰਡਿਤ ਬੁੱਧਵਾਰ ਨੂੰ 'ਭੀਮ ਸਪਤਾਹ' ਦੇ ਉਦਘਾਟਨੀ ਸੈਸ਼ਨ ਵਿਚ ਬੋਲ ਰਹੇ ਸਨ, ਜੋ ਕਿ ਯੂਨੀਵਰਸਿਟੀ ਵਿਚ 8 ਤੋਂ 14 ਅਪ੍ਰੈਲ ਤੱਕ ਅੰਬੇਡਕਰ ਦੀ ਵਿਰਾਸਤ ਅਤੇ ਜਨਮ ਦਿਵਸ ਦੀ ਯਾਦ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ, "ਬਾਬਾ ਸਾਹਿਬ ਆਧੁਨਿਕ ਭਾਰਤੀ ਸਮਾਜਿਕ-ਰਾਜਨੀਤਿਕ ਇਤਿਹਾਸ ਵਿਚ ਸਭ ਤੋਂ ਬੁੱਧੀਮਾਨ ਵਿਅਕਤੀ ਸਨ। ਦਰਅਸਲ, ਉਹ ਸੁਤੰਤਰ ਭਾਰਤ ਦੇ ਪਹਿਲੇ ਮੰਤਰੀ ਮੰਡਲ ਵਿਚ ਸਭ ਤੋਂ ਵੱਧ ਪੜ੍ਹੇ-ਲਿਖੇ ਮੰਤਰੀ ਸਨ।" ਪੰਡਿਤ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਵਿਚ ਹਾਸ਼ੀਏ 'ਤੇ ਧੱਕੇ ਗਏ ਵਿਦਿਆਰਥੀਆਂ ਦਾ ਅਕਾਦਮਿਕ ਪ੍ਰਦਰਸ਼ਨ ਓਪਨ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਬਰਾਬਰ ਹੈ ਅਤੇ ਕੁਝ ਕੇਂਦਰਾਂ ਅਤੇ ਵਿਸ਼ਿਆਂ ਵਿਚ, ਉਨ੍ਹਾਂ ਨੇ ਪ੍ਰਵੇਸ਼ ਪ੍ਰੀਖਿਆਵਾਂ ਵਿਚ ਹੋਰ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਸਪਤਾਹ ਦੇ ਉਦਘਾਟਨੀ ਸਮਾਗਮ ਵਿਚ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਨਾਲ ਹੀ, ਦ੍ਰਾਵਿੜ ਯੂਨੀਵਰਸਿਟੀ (ਕੁੱਪਮ, ਆਂਧਰਾ ਪ੍ਰਦੇਸ਼) ਦੇ ਵੀਸੀ ਐਲ ਜੀ ਮੱਲਈਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਸਕੂਲ ਦੇ ਪ੍ਰੋਫੈਸਰ ਅਤੇ ਡੀਨ ਵਿਵੇਕ ਕੁਮਾਰ ਨੇ ਪਹਿਲੇ ਦਿਨ ਹਫ਼ਤੇ ਭਰ ਚੱਲਣ ਵਾਲੇ ਪ੍ਰੋਗਰਾਮ ਦੇ ਵੇਰਵਿਆਂ ਦੀ ਰੂਪ-ਰੇਖਾ ਦਿੱਤੀ, ਜਿਸ ਵਿਚ ਖੋਜ ਵਿਦਵਾਨਾਂ ਦੁਆਰਾ ਭਾਸ਼ਣ, ਪੇਪਰ ਪੇਸ਼ਕਾਰੀਆਂ ਅਤੇ ਯੂਨੀਵਰਸਿਟੀ ਦੇ ਬੀਏ ਅਤੇ ਐਮਏ ਦੇ ਵਿਦਿਆਰਥੀਆਂ ਲਈ ਇਕ ਲੇਖ-ਲਿਖਣ ਮੁਕਾਬਲਾ ਸ਼ਾਮਲ ਹੈ।
;
;
;
;
;
;
;
;