ਰਾਣਾ ਬਲਾਚੌਰੀਆ ਕਤਲਕਾਂਡ ਦੇ ਮੁੱਖ ਦੋਸ਼ੀ ਦਾ ਐਨਕਾਊਂਟਰ
ਐੱਸ. ਏ. ਐੱਸ. ਨਗਰ, 17 ਜਨਵਰੀ (ਕਪਿਲ ਵਧਵਾ)- ਪੰਜਾਬ ਦੀ ਮੁਹਾਲੀ ਪੁਲਿਸ ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਹੱਤਿਆ ਮਾਮਲੇ ਵਿਚ ਸ਼ਾਮਿਲ ਮੁੱਖ ਸ਼ੂਟਰ ਕਰਨ ਡਿਫਾਲਟਰ ਨੂੰ ਪੁਲਿਸ ਮੁਕਾਬਲੇ ਦੌਰਾਨ ਮਾਰ ਮੁਕਾਇਆ ਹੈ। ਇਹ ਮੁਕਾਬਲਾ ਮੁਹਾਲੀ ਦੇ ਏਅਰਪੋਰਟ ਰੋਡ ’ਤੇ ਹੋਇਆ। ਪੁਲਿਸ ਅਨੁਸਾਰ ਕਰਨ ਡਿਫਾਲਟਰ ਨੂੰ ਮੈਡੀਕਲ ਚੈਕਅੱਪ ਲਈ ਲਿਆਂਦਾ ਗਿਆ ਸੀ, ਪਰ ਇਸ ਦੌਰਾਨ ਉਹ ਪੁਲਿਸ ਹਿਰਾਸਤ ਚੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਨ ਮੌਕੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ।
ਜ਼ਿਕਰਯੋਗ ਹੈ ਕਿ ਕਰਨ ਡਿਫਾਲਟਰ ਕੁਝ ਸਮਾਂ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਵੀ ਲੋੜੀਂਦਾ ਸੀ। ਮੁਹਾਲੀ ਪੁਲਿਸ ਨੇ ਉਸ ਨੂੰ ਦੋ ਦਿਨ ਪਹਿਲਾਂ ਹੀ ਪੱਛਮੀ ਬੰਗਾਲ ਤੋਂ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ।
ਮੁਹਾਲੀ ਦੇ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਕਰਨ ਨੂੰ ਸੀ.ਆਈ.ਏ. ਸਟਾਫ਼ ਵਿਖੇ ਰੱਖਿਆ ਗਿਆ ਸੀ। ਉਸ ਨੇ ਦੇਰ ਰਾਤ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਿਸ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਜਾ ਰਹੀ ਸੀ। ਰਾਤ ਕਰੀਬ 11:30 ਵਜੇ ਪੁਲਿਸ ਦੀ ਗੱਡੀ ਡਿਵਾਈਡਰ ’ਤੇ ਚੜ੍ਹ ਗਈ। ਜਦੋਂ ਪੁਲਿਸ ਨੇ ਗੱਡੀ ਰੋਕ ਕੇ ਜਾਂਚ ਕਰਨੀ ਚਾਹੀ, ਤਾਂ ਕਰਨ ਹਥਕੜੀ ਛੁਡਵਾ ਕੇ ਫ਼ਰਾਰ ਹੋ ਗਿਆ।
ਸਵੇਰੇ ਉਸ ਦੀ ਭਾਲ ਦੌਰਾਨ ਉਹ ਮੁੜ ਪੁਲਿਸ ਦੇ ਸਾਹਮਣੇ ਆ ਗਿਆ। ਇਸ ਦੌਰਾਨ ਉਸ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵਲੋਂ ਕੀਤੀ ਗਈ ਜਵਾਬੀ ਫ਼ਾਇਰਿੰਗ ਵਿਚ ਪਹਿਲਾਂ ਉਸ ਦੇ ਪੈਰ ਵਿਚ ਗੋਲੀ ਲੱਗੀ। ਜ਼ਮੀਨ ’ਤੇ ਡਿੱਗਣ ਬਾਵਜੂਦ ਵੀ ਉਸ ਨੇ ਗੋਲੀਆਂ ਚਲਾਉਣ ਜਾਰੀ ਰੱਖੀਆਂ, ਜਿਸ ਤੋਂ ਬਾਅਦ ਹੋਈ ਮੁੜ ਜਵਾਬੀ ਕਾਰਵਾਈ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਕਰਨ ਡਿਫਾਲਟਰ ਨੂੰ ਪਹਿਲਾਂ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪਰ ਖਰੜ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ਼ ਉਸ ਦੀ ਮੌਤ ਹੋ ਗਈ ਸੀ।
ਐੱਸ.ਐੱਸ.ਪੀ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਸੰਬੰਧੀ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਮੁਕਾਬਲੇ ਦੀ ਪੂਰੀ ਘਟਨਾ, ਪੁਲਿਸ ਕਾਰਵਾਈ ਅਤੇ ਅੱਗੇ ਦੀ ਜਾਂਚ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
।
;
;
;
;
;
;
;