ਸ੍ਰੀ ਮੁਕਤਸਰ ਸਾਹਿਬ ਤੋਂ ਚੱਲਿਆ ਮਹਾਨ ਨਗਰ ਕੀਰਤਨ ਪਹੁੰਚਿਆ ਭੁਲੱਥ
ਭੁਲੱਥ (ਕਪੂਰਥਲਾ), 4 ਮਾਰਚ (ਮਨਜੀਤ ਸਿੰਘ ਰਤਨ) - ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ 16ਵਾਂ ਮਹਾਨ ਤੇ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਚੜ੍ਹਦੇ ਪੰਜਾਬ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਕਸਬਾ ਭੁਲੱਥ ਪਹੁੰਚਿਆ, ਜਿਸ ਦਾ ਨਗਰ ਦੇ ਵੱਖ-ਵੱਖ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ, ਨਗਰ ਦੇ ਮੋਹਤਬਰ ਵਿਅਕਤੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਇਥੇ ਪਹੁੰਚਣ 'ਤੇ ਇਲਾਕੇ ਦੀਆਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਤੇ ਜੈਕਾਰਿਆਂ ਦੀਆਂ ਗੂੰਜਾਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹੁੰਚੇ ਇਸ ਨਗਰ ਕੀਰਤਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਫੁੱਲਾਂ ਨਾਲ ਸਜੀ ਇਕ ਬਹੁਤ ਹੀ ਸੁੰਦਰ ਪਾਲਕੀ ਚ ਸ਼ੁਸ਼ੋਭਿਤ ਕੀਤਾ ਗਿਆ ਸੀ ਅਤੇ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਨਾਮ ਬਾਣੀ ਦਾ ਜਾਪ ਕਰ ਰਹੀਆਂ ਸਨ। ਇਸ ਦੌਰਾਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਪੰਜ ਪਿਆਰਿਆਂ ਸਮੇਤ ਹੋਰ ਸੇਵਾਦਾਰਾਂ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਨਗਰ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਦੀ ਗੁਰੂ ਕੇ ਲੰਗਰਾਂ ਦੇ ਨਾਲ ਚਾਹ ਅਤੇ ਮਠਿਆਈਆਂ ਦੇ ਲੰਗਰਾਂ ਨਾਲ ਸੇਵਾ ਕੀਤੀ ਗਈ। ਇਸ ਮੌਕੇ ਤੇ ਪ੍ਰਬੰਧਕਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਲਾਈਆਂ ਗਈਆਂ ਸੇਵਾਵਾਂ ਨੂੰ ਸੇਵਾਦਾਰਾਂ ਵਲੋਂ ਪੂਰੀ ਤਨਦੇਹੀ ਨਾਲ ਨਿਭਾਇਆ ਗਿਆ ।
;
;
;
;
;
;
;
;