ਦਿਨ ਦਿਹਾੜੇ ਪਰਿਵਾਰ ਨੂੰ ਬੰਦੀ ਬਣਾ ਕੇ 2 ਤੋਂ 3 ਕਰੋੜ ਦੇ ਗਹਿਣਿਆਂ ਦੀ ਲੁੱਟ
ਗੁਰਦਾਸਪੁਰ, 5 ਮਾਰਚ (ਚੱਕਰਾਜਾ)-ਸਥਾਨਕ ਸ਼ਹਿਰ ਦੇ ਜੇਲ੍ਹ ਰੋਡ ’ਤੇ ਪੈਂਦੀ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ 5 ਵਿਖੇ ਅੱਜ ਸਵੇਰੇ ਦਿਨ ਦਿਹਾੜੇ 8.30 ਵਜੇ ਦੇ ਕਰੀਬ ਇਕ ਪਰਿਵਾਰ ਨੂੰ ਬੰਦੀ ਬਣਾ ਕੇ ਲੁਟੇਰਿਆਂ ਵਲੋਂ 2 ਤੋਂ 3 ਕਰੋੜ ਦੇ ਗਹਿਣਿਆਂ, ਇਕ ਗੱਡੀ ਸਮੇਤ 40 ਲੱਖ ਰੁਪਏ ਨਕਦੀ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਹੋਏ ਵਰੁਣ ਮਹਾਜਨ ਪੁੱਤਰ ਰਮੇਸ਼ ਕੁਮਾਰ ਨੇ ਦੱਸਿਆ ਕਿ 4 ਲੁਟੇਰੇ ਸਵੇਰੇ ਉਨ੍ਹਾਂ ਦੇ ਘਰ ਦੇ ਬਾਹਰ ਆਏ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਅੰਦਰ ਕਿਸੇ ਨੂੰ ਬੁਲਾਉਣ ਲਈ ਕਿਹਾ। ਜਦੋਂ ਉਨ੍ਹਾਂ ਦਾ ਡਰਾਈਵਰ ਅੰਦਰ ਆਇਆ ਤਾਂ ਉਕਤ ਲੁਟੇਰੇ ਵੀ ਉਸ ਦੇ ਪਿੱਛੇ ਅੰਦਰ ਆ ਗਏ ਅਤੇ ਉਨ੍ਹਾਂ ਨੇ ਆਉਂਦੇ ਸਾਰ ਹੀ ਪਹਿਲਾਂ ਉਨ੍ਹਾਂ ਦੇ ਬੱਚਿਆਂ ’ਤੇ ਪਿਸਤੌਲ ਤਾਣ ਦਿੱਤੀ ਅਤੇ ਸਾਰੇ ਪਰਿਵਾਰ ਨੂੰ ਬੰਦੀ ਬਣਾ ਦਿੱਤਾ। ਉਸ ਤੋਂ ਬਾਅਦ ਲੁਟੇਰਿਆਂ ਨੇ ਬੈਗ ਵਿਚੋਂ ਕਟਰ ਕੱਢ ਕੇ ਬੱਚਿਆਂ ਦੀਆਂ ਉਂਗਲਾਂ ਕੱਟਣ ਦੀ ਧਮਕੀ ਦੇ ਕੇ ਕਿਹਾ ਕਿ ਸਾਰਾ ਸੋਨਾ ਅਤੇ ਪੈਸੇ ਦੇ ਦਿਓ। ਜਿਸ ’ਤੇ ਪਰਿਵਾਰ ਘਬਰਾ ਗਿਆ ਅਤੇ ਉਕਤ ਲੁਟੇਰੇ ਘਰ ਵਿਚ ਪਏ 2 ਤੋਂ 3 ਕਰੋੜ ਦੇ ਗਹਿਣੇ ਸਮੇਤ 40 ਲੱਖ ਰੁਪਏ ਨਕਦੀ, ਮਹਿੰਗੇ ਫੋਨ, ਇਕ ਗੱਡੀ ਲੈ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਜਾਂਦੇ ਕੈਮਰਿਆਂ ਦੇ ਡੀ.ਵੀ.ਆਰ ਵੀ ਨਾਲ ਲੈ ਗਏ। ਜਿਸ ਤੋਂ ਬਾਅਦ ਪਰਿਵਾਰ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
;
;
;
;
;
;
;