ਗੁਰਮੀਤ ਰਾਮ ਰਹੀਮ ਵਿਰੁੱਧ ਕੇਸ ਸਾਬਤ ਕਰਨ ’ਚ ਅਸਮਰੱਥ ਰਿਹਾ ਸਰਕਾਰੀ ਵਕੀਲ -ਹਾਈਕੋਰਟ
ਚੰਡੀਗੜ੍ਹ, 9 ਮਾਰਚ (ਪੀ.ਟੀ.ਆਈ.)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੇਖਿਆ ਹੈ ਕਿ ਸਰਕਾਰੀ ਵਕੀਲ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ 2002 ’ਚ ਇਕ ਪੱਤਰਕਾਰ ਦੇ ਕਤਲ ’ਚ ਆਪਣਾ ਕੇਸ ਸਾਬਤ ਕਰਨ ਦੇ ਯੋਗ ਨਹੀਂ ਸੀ। ਅਦਾਲਤ ਨੇ ਸੀ.ਬੀ.ਆਈ. ਜਾਂਚ 'ਤੇ ਵੀ ਸਵਾਲ ਉਠਾਏ ਹਨ।
ਜ਼ਿਕਰਯੋਗ ਹੈ ਕਿ ਅਦਾਲਤ ਨੇ ਸ਼ਨੀਵਾਰ ਨੂੰ ਰਾਮ ਰਹੀਮ ਸਿੰਘ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ’ਚ ਸ਼ਮੂਲੀਅਤ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ।
ਸੋਮਵਾਰ ਨੂੰ ਆਏ 113 ਪੰਨਿਆਂ ਦੇ ਫੈਸਲੇ ’ਚ ਅਦਾਲਤ ਨੇ ਕਿਹਾ ਕਿ ਇਕ ਗਵਾਹ 'ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਜੋ "ਪਿੰਗ ਪੌਂਗ ਗੇਂਦ ਵਾਂਗ ਇਕ ਪਾਸੇ ਤੋਂ ਦੂਜੇ ਪਾਸੇ ਉਛਾਲਦਾ ਰਿਹਾ।"
ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ 58 ਸਾਲਾ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ 7 ਸਾਲ ਤੋਂ ਵੱਧ ਸਮੇਂ ਬਾਅਦ ਬਰੀ ਕਰ ਦਿੱਤਾ। ਹਾਲਾਂਕਿ, ਬੈਂਚ ਨੇ ਇਸ ਮਾਮਲੇ ’ਚ ਤਿੰਨ ਹੋਰਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
ਅਦਾਲਤ ਨੇ ਕਿਹਾ, "ਇਹ ਕਾਨੂੰਨ ਦਾ ਇਕ ਸਥਾਪਤ ਸਿਧਾਂਤ ਹੈ ਕਿ ਜਿੱਥੇ ਦੋ ਸੰਭਾਵਨਾਵਾਂ, ਇਕ ਅਪਰਾਧ ਕਰਨ ਦੀ ਅਤੇ ਦੂਜੀ ਨਿਰਦੋਸ਼ਤਾ ਦੀ, ਵਾਜਬ ਤੌਰ 'ਤੇ ਸੰਭਵ ਹਨ, ਦੋਸ਼ੀ ਸ਼ੱਕ ਦਾ ਲਾਭ ਲੈਣ ਦਾ ਹੱਕਦਾਰ ਹੈ।" ਹਾਈ ਕੋਰਟ ਬੈਂਚ ਨੇ ਇਸਤਗਾਸਾ ਪੱਖ ਦੇ ਮੁੱਖ ਗਵਾਹ ਖੱਟਾ ਸਿੰਘ ਦੀ ਗਵਾਹੀ ਨੂੰ ਸੀ.ਬੀ.ਆਈ. ਦੁਆਰਾ ਸੰਭਾਲਣ ਦੇ ਤਰੀਕੇ 'ਤੇ ਵੀ ਚਿੰਤਾ ਪ੍ਰਗਟ ਕੀਤੀ।
;
;
;
;
;
;
;
;