ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੰਗਲੈਂਡ ਤੋਂ ਪੁੱਜੇ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਲੱਭ ਕੇ ਕੀਤਾ ਵਾਪਸ
ਅੰਮ੍ਰਿਤਸਰ, 16 ਅਪ੍ਰੈਲ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਏ ਇੰਗਲੈਂਡ ਨਿਵਾਸੀ ਪਰਿਵਾਰ ਦਾ ਗੁੰਮ ਹੋਇਆ ਬੈਗ ਜਿਸ ਵਿਚ ਪਾਸਪੋਰਟ ਅਤੇ ਕਰੀਬ 20 ਲੱਖ ਰੁਪਏ ਦੀ ਕੀਮਤ ਦੇ ਪੌਂਡ ਸਨ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਲੋਂ ਲੱਭ ਕੇ ਪਰਿਵਾਰ ਨੂੰ ਸੌਂਪੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਮਾਨਦਾਰੀ ਤੇ ਸਮਰਪਨ ਭਾਵ ਨਾਲ ਡਿਊਟੀ ਕਰਨ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਪੁੱਜਦੀ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਤਾਇਨਾਤ ਸਟਾਫ਼ ਹਮੇਸ਼ਾ ਸੰਗਤ ਦੀ ਸਹੂਲਤ ਲਈ ਯਤਨਸ਼ੀਲ ਰਹਿੰਦਾ ਹੈ। ਸਟਾਫ਼ ਵਲੋਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਸ਼ਰਧਾਲੂ ਦੇ ਕੀਮਤੀ ਸਾਮਾਨ ਨੂੰ ਨੁਕਸਾਨ ਨਾ ਪੁੱਜੇ। ਡਿਊਟੀ ’ਤੇ ਤਾਇਨਾਤ ਸਟਾਫ਼ ਵਲੋਂ ਕਈ ਵਾਰ ਸੰਗਤਾਂ ਦਾ ਗੁੰਮ ਹੋਇਆ ਸਾਮਾਨ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇੰਗਲੈਂਡ ਦਾ ਇਕ ਪਰਿਵਾਰ ਦਰਸ਼ਨਾਂ ਲਈ ਆਇਆ ਸੀ, ਜਿਨ੍ਹਾਂ ਦਾ ਗੁੰਮ ਹੋਇਆ ਬੈਗ ਜਿਸ ਵਿਚ ਕਰੀਬ 20 ਲੱਖ ਦੀ ਕੀਮਤ ਦੇ ਪੌਂਡ ਅਤੇ ਪਾਸਪੋਰਟ ਸਨ, ਇਹ ਮਾਮਲਾ ਧਿਆਨ ਵਿਚ ਆਉਣ ’ਤੇ ਗੁੰਮ ਹੋਇਆ ਸਮਾਨ ਲੱਭ ਕੇ ਸ਼ਰਧਾਲੂ ਪਰਿਵਾਰ ਨੂੰ ਸੌਂਪਿਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁਲਾਜ਼ਮਾਂ ਵਲੋਂ ਇਮਾਨਦਾਰੀ ਨਾਲ ਨਿਭਾਈ ਡਿਊਟੀ ਲਈ ਉਨ੍ਹਾਂ ਦੀ ਸਹਾਰਨਾ ਕੀਤੀ ਅਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਭੈ-ਭਾਵਨੀ ਵਿਚ ਡਿਊਟੀ ਕਰਨ ਦੀ ਪ੍ਰੇਰਣਾ ਵੀ ਕੀਤੀ। ਇਸੇ ਦੌਰਾਨ ਇੰਗਲੈਂਡ ਨਿਵਾਸੀ ਸੋਢੀ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।
;
;
;
;
;
;
;
;