ਬੀ.ਕੇ.ਆਈ. ਅੱਤਵਾਦੀ ਪਰਮਿੰਦਰ ਪਿੰਡੀ ਦੀ ਯੂ.ਏ.ਈ. ਤੋਂ ਹਵਾਲਗੀ

ਚੰਡੀਗੜ੍ਹ, 27 ਸਤੰਬਰ- ਪੰਜਾਬ ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਈ ਘਿਨਾਉਣੇ ਅਪਰਾਧਾਂ ਵਿਚ ਸ਼ਾਮਿਲ ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਦੀ ਯੂ.ਏ.ਈ. ਤੋਂ ਹਵਾਲਗੀ ਦੇ ਦਿੱਤੀ ਗਈ ਹੈ। ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਵਿਦੇਸ਼ੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਆ ਦੇ ਕਰੀਬੀ ਸਹਿਯੋਗੀ ਪਰਮਿੰਦਰ ਸਿੰਘ ਉਰਫ਼ ਪਿੰਡੀ ਨੂੰ ਕੇਂਦਰੀ ਏਜੰਸੀਆਂ ਨਾਲ ਨੇੜਿਓਂ ਤਾਲਮੇਲ ਕਰਕੇ ਯੂ.ਏ.ਈ. ਦੇ ਅਬੂ ਧਾਬੀ ਤੋਂ ਲਿਆਂਦਾ ਗਿਆ ਹੈ।
ਯਾਦਵ ਨੇ ਕਿਹਾ ਕਿ ਪਿੰਡੀ ਗੁਰਦਾਸਪੁਰ ਦੇ ਬਟਾਲਾ ਵਿਚ ਪੈਟਰੋਲ ਬੰਬ ਹਮਲੇ, ਹਿੰਸਕ ਹਮਲੇ ਅਤੇ ਜਬਰੀ ਵਸੂਲੀ ਸਮੇਤ ਕਈ ਘਿਨਾਉਣੇ ਅਪਰਾਧਾਂ ਵਿਚ ਸ਼ਾਮਿਲ ਸੀ।
ਐਕਸ ’ਤੇ ਇਕ ਪੋਸਟ ਵਿਚ ਯਾਦਵ ਨੇ ਕਿਹਾ ਕਿ ਬਟਾਲਾ ਪੁਲਿਸ ਦੁਆਰਾ ਰੈੱਡ ਕਾਰਨਰ ਨੋਟਿਸ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ ਵਿਚ ਇਕ ਸਮਰਪਿਤ ਚਾਰ ਮੈਂਬਰੀ ਟੀਮ 24 ਸਤੰਬਰ ਨੂੰ ਵਿਦੇਸ਼ ਮੰਤਰਾਲੇ ਅਤੇ ਯੂ.ਏ.ਈ. ਅਧਿਕਾਰੀਆਂ ਨਾਲ ਤਾਲਮੇਲ ਕਰਕੇ ਯੂ.ਏ.ਈ. ਗਈ ਤੇ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਦੋਸ਼ੀ ਨੂੰ ਲਿਆਈ।