ਪੁਲਿਸ ਵਲੋਂ ਨਸ਼ਾ ਤਸਕਰ ਦਾ ਘਰ ਢਹਿ ਢੇਰੀ

ਚੋਗਾਵਾਂ, (ਅੰਮ੍ਰਿਤਸਰ), 27 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਨਸ਼ਾ ਤਸਕਰ ਵਲੋਂ ਪਿੰਡ ਭੱਗੂਪੁਰ ਬੇਟ ਵਿਖੇ ਅੱਠ ਮਰਲੇ ਪੰਚਾਇਤੀ ਜ਼ਮੀਨ ’ਤੇ ਨਜਾਇਜ਼ ਕੀਤੀ ਉਸਾਰੀ ਨੂੰ ਨਸ਼ਟ ਕਰ ਦਿੱਤਾ ਹੈ। ਇਸ ਮੌਕੇ ਵਿਸ਼ੇਸ ਤੌਰ ’ਤੇ ਪਹੁੰਚੇ ਐਸ.ਪੀ.ਡੀ. ਆਦਿਤਿਆ ਵਾਰੀਆ, ਡੀ.ਐਸ.ਪੀ. ਰਾਜਾਸਾਂਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮਲੂਕ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੱਗੂਪੁਰ ਬੇਟ ਤੇ ਉਸ ਦੇ ਪਰਿਵਾਰ ਵਿਰੁੱਧ ਐਨ.ਡੀ.ਪੀ.ਐਸ. ਅਤੇ ਹੋਰਨਾ ਧਰਾਵਾਂ ਤਹਿਤ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ 24 ਮਾਮਲੇ ਦਰਜ ਹਨ, ਜਿਸ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਇਸ ਦੌਰਾਨ ਮਲੂਕ ਤੇ ਉਸ ਦੇ ਪੁੱਤਰ ਫਿਲਹਾਲ ਭਗੌੜੇ ਹਨ। ਪੁਲਿਸ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਯੁੱਧ ਨਸ਼ੇ ਦੀ ਸਮਾਪਤੀ ਤੱਕ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ। ਇਸ ਮੌਕੇ ਥਾਣਾ ਭਿੰਡੀ ਸੈਦਾਂ ਦੇ ਮੁਖੀ ਸਤਨਾਮ ਸਿੰਘ, ਪੰਚਾਇਤ ਅਫ਼ਸਰ ਸਾਹਿਬ ਸਿੰਘ ਅਤੇ ਹੋਰ ਮੋਹਤਬਰ ਅਧਿਕਾਰੀ ਹਾਜ਼ਰ ਸਨ।