ਪ੍ਰਧਾਨ ਮੰਤਰੀ ਨੇ ਓਡੀਸ਼ਾ ਵਿਚ ਕਰੋੜਾਂ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਓਡੀਸ਼ਾ, 27 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦੇ ਝਾਰਸੁਗੁੜਾ ਪਹੁੰਚੇ, ਜਿਥੇ ਉਨ੍ਹਾਂ ਨੇ ਦੂਰਸੰਚਾਰ, ਰੇਲਵੇ, ਉੱਚ ਸਿੱਖਿਆ, ਸਿਹਤ, ਹੁਨਰ ਵਿਕਾਸ ਅਤੇ ਪੇਂਡੂ ਰਿਹਾਇਸ਼ ਸਮੇਤ ਵੱਖ-ਵੱਖ ਖੇਤਰਾਂ ਵਿਚ 60,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਦੇਸ਼ ਦੇ ਸੰਚਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨੇ 97,500 ਤੋਂ ਵੱਧ ਮੋਬਾਈਲ 4 ਜੀ ਟਾਵਰਾਂ ਦਾ ਉਦਘਾਟਨ ਕੀਤਾ। ਇਹ ਟਾਵਰ ਲਗਭਗ 37,000 ਕਰੋੜ ਰੁਪਏ ਦੀ ਲਾਗਤ ਨਾਲ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਏ ਗਏ ਹਨ। ਇਹ ਦੂਰ-ਦੁਰਾਡੇ, ਸਰਹੱਦੀ ਅਤੇ ਨਕਸਲ ਪ੍ਰਭਾਵਿਤ ਖੇਤਰਾਂ ਦੇ 26,700 ਤੋਂ ਵੱਧ ਪਿੰਡਾਂ ਨੂੰ ਸੰਪਰਕ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨੇ ਅੱਠ ਆਈ.ਆਈ.ਟੀ. ਦੇ ਵਿਸਥਾਰ ਲਈ ਨੀਂਹ ਪੱਥਰ ਵੀ ਰੱਖਿਆ, ਜੋ ਅਗਲੇ ਚਾਰ ਸਾਲਾਂ ਵਿਚ 10,000 ਨਵੇਂ ਵਿਦਿਆਰਥੀਆਂ ਲਈ ਸਮਰੱਥਾ ਪੈਦਾ ਕਰੇਗਾ। ਉਨ੍ਹਾਂ ਨੇ ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਮਜ਼ਬੂਤ ਕਰਨ ਲਈ ਓਡੀਸ਼ਾ ਸਰਕਾਰ ਦੀਆਂ ਕਈ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਹਮਾਪੁਰ ਅਤੇ ਉਧਨਾ (ਸੂਰਤ) ਵਿਚਕਾਰ ਝਾਰਸੁਗੁੜਾ, ਓਡੀਸ਼ਾ ਤੋਂ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ, ਜੋ ਕਿ ਰਾਜਾਂ ਵਿਚ ਕਿਫ਼ਾਇਤੀ ਅਤੇ ਆਰਾਮਦਾਇਕ ਸੰਪਰਕ ਪ੍ਰਦਾਨ ਕਰੇਗੀ, ਸੈਰ-ਸਪਾਟੇ ਨੂੰ ਹੁਲਾਰਾ ਦੇਵੇਗੀ, ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਅਤੇ ਮੁੱਖ ਆਰਥਿਕ ਜ਼ਿਲ੍ਹਿਆਂ ਨੂੰ ਜੋੜੇਗੀ।