ਬਜ਼ੁਰਗ ਜੋੜੇ ਦੇ ਮੋਟਰਸਾਈਕਲ ਨੂੰ ਟਰੱਕ ਨੇ ਮਾਰੀ ਟੱਕਰ, ਪਤਨੀ ਦੀ ਮੌਤ, ਪਤੀ ਗੰਭੀਰ
ਭਵਾਨੀਗੜ੍ਹ, (ਸੰਗਰੂਰ) 15 ਮਾਰਚ (ਲਖਵਿੰਦਰ ਪਾਲ ਗਰਗ)- ਪਿੰਡ ਘਾਬਦਾ ਦੇ ਪੀ.ਜੀ.ਆਈ. ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਜਾਂਦਿਆਂ ਹੋਏ ਪਿੰਡ ਘਰਾਚੋਂ ਦੀ ਅਨਾਜ ਮੰਡੀ ਕੋਲ ਬਜ਼ੁਰਗ ਪਤੀ-ਪਤਨੀ ਦੇ ਮੋਟਰਸਾਈਕਲ ਨੂੰ ਪਿੱਛੋਂ ਆਉਂਦੇ ਇਕ ਟਰੱਕ ਵਲੋਂ ਟੱਕਰ ਮਾਰ ਦੇਣ ਕਾਰਨ ਪਤਨੀ ਦੀ ਮੌਤ ਹੋ ਜਾਣ ਤੇ ਪਤੀ ਦੇ ਮਾਮੂਲੀ ਜਖ਼ਮੀ ਹੋ ਜਾਣ ਦੀ ਖ਼ਬਰ ਹੈ।
ਇਸ ਸੰਬੰਧੀ ਸਾਧੂ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨਾਗਰਾ ਵਲੋਂ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਪਤਨੀ ਬਲਜਿੰਦਰ ਕੌਰ (64) ਨੂੰ ਘਾਬਦਾ ਦੇ ਪੀ.ਜੀ.ਆਈ. ਹਸਪਤਾਲ ਤੋਂ ਦਵਾਈ ਦਿਵਾ ਕੇ ਆਪਣੇ ਮੋਟਰਸਾਈਕਲ ਰਾਹੀਂ ਪਿੰਡ ਨਾਗਰੇ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਘਰਾਚੋਂ ਦੀ ਅਨਾਜ ਮੰਡੀ ਕੋਲ ਪਹੁੰਚੇ ਤਾਂ ਪਿੱਛੋਂ ਆਉਂਦੇ ਇਕ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਏ, ਜਿਸ ਨਾਲ ਉਸ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਦੀ ਪਤਨੀ ਬਲਜਿੰਦਰ ਕੌਰ ਸੜਕ ’ਤੇ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਜਦੋਂ ਉਹ ਆਪਣੀ ਪਤਨੀ ਨੂੰ ਸੰਭਾਲਣ ਲੱਗਿਆ ਤਾਂ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਉਸ ਨੇ ਆਪਣੀ ਪਤਨੀ ਨੂੰ ਐਬੂੰਲੈਂਸ ਰਾਹੀ ਸਰਕਾਰੀ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਲਈ ਰੈਫ਼ਰ ਕਰ ਦਿੱਤਾ। ਪਟਿਆਲੇ ਦੇ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਦੀ ਪਤਨੀ ਬਲਜਿੰਦਰ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਟਰੱਕ ਦੇ ਨਾ-ਮਾਲੂਮ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;
;