ਪਿਛਲੇ 4 ਮਹੀਨਿਆਂ ਤੋਂ ਕਣਕ ਨਾ ਮਿਲਣ ’ਤੇ ਮਹਿਕਮੇ ਖ਼ਿਲਾਫ਼ ਰੋਸ ਮੁਜ਼ਾਹਰਾ
ਚੋਗਾਵਾਂ/ਅੰਮ੍ਰਿਤਸਰ, 15 ਮਾਰਚ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਠੱਠਾ ਵਿਖੇ ਗ਼ਰੀਬ ਨੀਲੇ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਕਣਕ ਨਾ ਮਿਲਣ ’ਤੇ ਡੀਪੂ ਹੋਲਡਰ, ਫੂਡ ਸਪਲਾਈ ਮਹਿਕਮੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਥਾਨਕ ਵਾਸੀਆਂ ਨੇ ਫੂਡ ਸਪਲਾਈ ਮਹਿਕਮੇ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਪਿੰਡ ਦੀ ਕਣਕ ਦੀ ਸਪਲਾਈ ਪਿੰਡ ਭੁੱਲਰ ਦੇ ਡੀਪੂ ਹੋਲਡਰ ਹਰਿੰਦਰ ਸਿੰਘ ਨੂੰ ਦਿੱਤੀ ਗਈ ਹੈ। ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਉਨ੍ਹਾਂ ਦੀਆਂ ਕਣਕ ਦੀਆਂ ਪਰਚੀਆਂ ਕੱਟੀਆਂ ਗਈਆਂ ਹਨ ਪਰ ਅਜੇ ਤੱਕ ਕਣਕ ਨਸੀਬ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਦੀਆਂ ਅੱਗੇ ਤੋਂ ਪਰਚੀਆਂ ਕੱਟੀਆਂ ਗਈਆਂ। ਦਿਹਾੜੀਦਾਰ ਮਜ਼ਦੂਰ ਕਣਕ ਨਾ ਮਿਲਣ ਕਾਰਨ 2 ਵੇਲੇ ਦੀ ਰੋਟੀ ਤੋਂ ਵੀ ਵਾਂਝੇ ਹੋ ਰਹੇ ਹਨ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਿਛਲੀ ਕਣਕ ਨਾ ਵੰਡੀ ਗਈ ਅਤੇ ਕਣਕ ਦੀਆਂ ਪਰਚੀਆਂ ਨਾ ਕੱਟੀਆਂ ਗਈਆਂ ਤਾਂ ਉਹ ਫੂਡ ਸਪਲਾਈ ਮਹਿਕਮੇ ਦਾ ਘਿਰਾਉ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਫੂਡ ਸਪਲਾਈ ਇੰਸਪੈਕਟਰ ਭੰਗੂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਜਲਦ ਹੀ ਕਣਕ ਵੰਡ ਕੇ ਨਵੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ।
;
;
;
;
;
;
;
;
;