ਦੇਸ਼ ’ਚ 4498 ਉਦਯੋਗਿਕ ਇਕਾਈਆਂ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ- ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 31 ਮਾਰਚ (ਥਿੰਦ)- ਫੈਕਟਰੀਆਂ ਤੇ ਉਦਯੋਗਿਕ ਇਕਾਈਆਂ ਵਲੋਂ ਧਰਤੀ ਹੇਠ ਬੋਰ ਪੁੱਟ ਕੇ ਪਾਏ ਜਾ ਰਹੇ ਦੂਸ਼ਿਤ ਪਾਣੀਆਂ ਬਾਰੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਕੇਂਦਰ ਸਰਕਾਰ ਟਾਲ਼ਾ ਵੱਟ ਗਈ। ਸੰਤ ਸੀਚੇਵਾਲ ਵਲੋਂ ਸਪੱਸ਼ਟ ਸਵਾਲ ਕੀਤਾ ਗਿਆ ਸੀ ਕਿ ਉਨ੍ਹਾਂ ਫੈਕਟਰੀਆਂ ਅਤੇ ਉਯੋਗਿਕ ਇਕਾਈਆਂ ਦਾ ਵੇਰਵਾ ਦਿੱਤਾ ਜਾਵੇ, ਜਿਹੜੀਆਂ ਧਰਤੀ ’ਚ ਸਿੱਧੇ ਬੋਰ ਕਰਕੇ ਦੂਸ਼ਿਤ ਤੇ ਜ਼ਹਿਰੀਲਾ ਪਾਣੀ ਪਾਉਂਦੀਆਂ ਹਨ।
ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸਵਾਲ ਰਾਹੀਂ ਪੁੱਛਿਆ ਗਿਆ ਸੀ ਕਿ ਸਰਕਾਰ ਉਨ੍ਹਾਂ ਤਰੀਕਿਆਂ ਅਤੇ ਨਿਗਰਾਨੀ ਪ੍ਰਣਾਲੀਆਂ ਦਾ ਵੇਰਵਾ ਦੇਵੇ, ਜਿਨ੍ਹਾਂ ਰਾਹੀਂ ਬੋਰਹੋਲਜ਼ ਜਾਂ ਉਦਯੋਗਿਕ ਰਹਿੰਦ-ਖੂੰਹਦ ਰਾਹੀਂ ਜ਼ਮੀਨੀ ਪਾਣੀ ਨੂੰ ਪਲੀਤ ਕਰਨ ਵਾਲੀਆਂ ਫੈਕਟਰੀਆਂ 'ਤੇ ਨਜ਼ਰ ਰੱਖੀ ਜਾਂਦੀ ਹੈ। ਉਨ੍ਹਾਂ ਨੇ ਪੰਜਾਬ ਸਮੇਤ ਹੋਰਨਾਂ ਰਾਜਾਂ ’ਚ ਪਿਛਲੇ ਪੰਜ ਸਾਲਾਂ ਦੌਰਾਨ ਹੋਈਆਂ ਜਾਂਚਾਂ ਅਤੇ ਦੋਸ਼ੀ ਉਦਯੋਗਾਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਵੇਰਵਾ ਮੰਗਿਆ ਸੀ। ਕੇਂਦਰੀ ਜਲਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਸਵਾਲ ਦੇ ਜਵਾਬ ਤਾਂ ਦਿੱਤੇ ਪਰ ਉਸ ਪਹਿਲੂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ, ਜਿਸ ਬਾਰੇ ਪੁੱਛਿਆ ਗਿਆ ਸੀ ਤੇ ਜਿਸ ਲਈ ਸਮੁੱਚਾ ਪੰਜਾਬ ਚਿੰਤਤ ਹੈ। ਕੇਂਦਰੀ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਦੱਸਿਆ ਕਿ ਦੇਸ਼ ਭਰ ’ਚ ਕੁਲ 4,498 ਬੇਹੱਦ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਹਨ। ਜਿਨ੍ਹਾਂ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 601 ਉਦਯੋਗਾਂ ਵਿਰੁੱਧ ਕਾਰਵਾਈ ਕਰਦਿਆਂ 29 ਨੂੰ ਬੰਦ ਕਰਨ ਦੇ ਨਿਰਦੇਸ਼ ਅਤੇ 571 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਬੇਹੱਦ ਪ੍ਰਦੂਸ਼ਣ ਫੈਲਾਉਣ ਵਾਲੇ 2 ਉਦਯੋਗਾਂ ਦੀ ਪਛਾਣ ਕੀਤੀ ਗਈ ਹੈ ਅਤੇ ਰਿਪੋਰਟ ਅਨੁਸਾਰ ਇਹ ਦੋਵੇਂ ਇਕਾਈਆਂ ਵਾਤਾਵਰਣ ਮਿਆਰਾਂ ਦੀ ਪਾਲਣਾ ਕਰ ਰਹੀਆਂ ਹਨ।
;
;
;
;
;
;
;
;