ਮੁੱਖ ਮੰਤਰੀ ਨੇ ਵਧੇ ਹੋਏ ਮੁਆਵਜ਼ੇ ਦਾ ਕੀਤਾ ਐਲਾਨ

ਚੰਡੀਗੜ੍ਹ, 29 ਸਤੰਬਰ- ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੜ੍ਹਾਂ ਤੋਂ ਬਚਾਅ ਕਰਨ ਦਾ ਪੜਾਅ ਪੂਰਾ ਹੋ ਗਿਆ ਹੈ। ਹੁਣ ਸਾਨੂੰ ਮੁੜ ਵਸੇਬੇ ’ਤੇ ਕੰਮ ਕਰਨਾ ਪਵੇਗਾ। ਇਸ ਲਈ ਇਕ ਬਿੱਲ ਵੀ ਪੇਸ਼ ਕੀਤਾ ਜਾਵੇਗਾ, ਜਿਸਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਤੀ ਏਕੜ 26 ਤੋਂ 33 ਪ੍ਰਤੀਸ਼ਤ ਨੁਕਸਾਨ ਲਈ 2,000 ਰੁਪਏ ਦਿੱਤੇ ਜਾਂਦੇ ਸਨ, ਪੰਜਾਬ 10,000 ਰੁਪਏ ਦੇਵੇਗਾ। 33 ਤੋਂ 75 ਪ੍ਰਤੀਸ਼ਤ ਨੁਕਸਾਨ ਲਈ 6,800 ਰੁਪਏ ਦਿੱਤੇ ਗਏ ਸਨ, ਅਸੀਂ ਇਸਨੂੰ ਵਧਾ ਕੇ 10,000 ਰੁਪਏ ਕਰ ਰਹੇ ਹਾਂ। 75 ਤੋਂ 100 ਪ੍ਰਤੀਸ਼ਤ ਨੁਕਸਾਨ ਲਈ 20,000 ਰੁਪਏ ਦਿੱਤੇ ਜਾਣਗੇ ਤੇ ਉਸ ਵਿਚ ਐਸ.ਡੀ.ਆਰ.ਐਫ਼. ਦਾ 6,800 ਰੁਪਏ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਬਾਰੇ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਰਿਹਾ ਹਾਂ।
ਉਨ੍ਹਾਂ ਕਿਹਾ ਕਿ 20 ਅਕਤੂਬਰ ਨੂੰ ਦੀਵਾਲੀ ਹੈ ਤੇ ਅਸੀਂ 15 ਅਕਤੂਬਰ ਤੱਕ ਫ਼ਸਲਾਂ, ਪਸ਼ੂਆਂ ਅਤੇ ਹੋਰ ਵਸਤੂਆਂ ਦੇ ਨੁਕਸਾਨ ਲਈ ਲੋਕਾਂ ਨੂੰ ਚੈੱਕ ਜਾਰੀ ਕਰਨਾ ਸ਼ੁਰੂ ਕਰ ਦੇਵਾਂਗੇ। ਇਕ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇਗੀ ਤੇ ਕਿਸਾਨਾਂ ਨੂੰ ਰੇਤ ਹਟਾਉਣ ਲਈ ਪ੍ਰਤੀ ਏਕੜ 7,200 ਰੁਪਏ ਦਿੱਤੇ ਜਾਣਗੇ। ਕੁਝ ਜ਼ਮੀਨ ਵਹਿ ਗਈ ਹੈ ਅਤੇ ਇਸ ਲਈ 18,800 ਰੁਪਏ ਦਿੱਤੇ ਜਾਣਗੇ। ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸੇਮ ਖੇਤਰਾਂ ਲਈ ਮੁੱਖ ਮੰਤਰੀ ਰਾਹਤ ਫੰਡ ਵਿਚੋਂ 4.5 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।