ਵਿਧਾਨ ਸਭਾ ’ਚ ਪੇਸ਼ ਹੋਇਆ ਬੀਜ (ਪੰਜਾਬ ਸੋਧ) ਬਿੱਲ 2025

ਚੰਡੀਗੜ੍ਹ, 29 ਸਤੰਬਰ- ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਨੇ ਬੀਜ (ਪੰਜਾਬ ਸੋਧ) ਬਿੱਲ 2025 ਪੇਸ਼ ਕੀਤਾ। ਸੀ.ਐਲ.ਪੀ. ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਬਿੱਲ ਦਾ ਸਮਰਥਨ ਕੀਤਾ। ਇਸ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬਿੱਲ ਨੂੰ ਮੁਲਤਵੀ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਵਿਗਿਆਨੀਆਂ ਦੀ ਇਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਸਦਨ ਨੂੰ ਕੁਝ ਉਦਾਹਰਣਾਂ ਵੀ ਪੇਸ਼ ਕੀਤੀਆਂ।
ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਜਦੋਂ ਨਕਲੀ ਬੀਜਾਂ ਦਾ ਪਤਾ ਲਗਾਇਆ ਜਾਂਦਾ ਹੈ, ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਬੀਜ ਸੋਧ ਬਿੱਲ ਬਾਰੇ ਬਾਅਦ ਵਿਚ ਹੀ ਪਤਾ ਲੱਗਾ। ਅਸੀਂ ਬੀਜਾਂ ਵਿਚ ਮਿਲਾਵਟ ਵਿਰੁੱਧ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਜਾ ਰਹੇ ਹਾਂ। ਅਸੀਂ ਦੁਕਾਨਦਾਰਾਂ ਨੂੰ ਇਕ ਸੂਚੀ ਪ੍ਰਦਾਨ ਕਰਾਂਗੇ। ਅਸੀਂ ਕਿਸਾਨਾਂ ਨੂੰ ਸਿਰਫ਼ ਪ੍ਰਮਾਣਿਤ ਬੀਜ ਖਰੀਦਣ ਲਈ ਕਹਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਮਿਲਾਵਟ ਇੰਨੀ ਜ਼ਿਆਦਾ ਵਧ ਗਈ ਸੀ ਕਿ ਸਾਡਾ ਇਕ ਜਹਾਜ਼ ਅਨਾਜ ਲੈ ਕੇ ਸਿੰਗਾਪੁਰ ਗਿਆ ਸੀ, ਪਰ ਸਿੰਗਾਪੁਰ ਨੇ ਉਸ ਜਹਾਜ਼ ਨੂੰ ਵਾਪਸ ਭੇਜ ਦਿੱਤਾ। ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਬਿੱਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਲੂ ਦੀ ਖੇਤੀ ਨੂੰ ਸਰਕਾਰੀ ਸਹਾਇਤਾ ਨਹੀਂ ਮਿਲਦੀ। ਉਨ੍ਹਾਂ ਦਾ ਵੀ ਸਮਰਥਨ ਕੀਤਾ ਜਾਵੇਗਾ।