ਪੰਜਾਬ ਵਿਚ ਐਨਪੀਐਸ ਕਰਮਚਾਰੀ 1 ਅਕਤੂਬਰ ਨੂੰ ਕਰਨਗੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਭੁੱਖ ਹੜਤਾਲ

ਸੰਗਰੂਰ 29 ਸਤੰਬਰ (ਧੀਰਜ ਪਸੋਰੀਆ) - ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਜਥੇਬੰਦੀ ਦੀਆਂ ਦੋ ਪ੍ਰਮੁੱਖ ਧਿਰਾਂ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੂਰੇ ਰਾਜ ਵਿਚ ਸਾਂਝੇ ਤੌਰ 'ਤੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ 1 ਅਕਤੂਬਰ ਨੂੰ ਇਕ ਰੋਜ਼ਾ ਭੁੱਖ ਹੜਤਾਲ ਕਰਨਗੀਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕੋ-ਕਨਵੀਨਰ ਜਸਵਿੰਦਰ ਸਿੰਘ ਪਸੌਰ, ਜ਼ਿਲ੍ਹਾ ਕਨਵੀਨਰ ਸਰਬਜੀਤ ਸਿੰਘ ਪੁੰਨਵਾਲ, ਸਤਵੰਤ ਸਿੰਘ ਆਲਮਪੁਰ, ਗੁਰਪ੍ਰੀਤ ਕੌਰ, ਬੱਗਾ ਸਿੰਘ, ਮਨਪ੍ਰੀਤ ਸਿੰਘ ਟਿੱਬਾ, ਹੁਸਿਆਰ ਸਿੰਘ ਅਤੇ ਕਰਨ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਨੇ ਆਪਣਾ ਤਿੰਨ ਸਾਲ ਪਹਿਲਾਂ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਕੇ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੇ ਕੀਤੇ ਵਾਅਦੇ ਤੋਂ ਮੂੰਹ ਫੇਰ ਲਿਆ ਹੈ। ਉੱਥੇ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਕਰਮਚਾਰੀਆਂ 'ਤੇ ਯੂਪੀਐਸ ਥੋਪ ਕੇ ਉਨ੍ਹਾਂ ਦੀ ਜਮ੍ਹਾਂ ਪੂੰਜੀ ਹੀ ਪੈਨਸ਼ਨ ਦੇ ਰੂਪ ਵਿਚ ਪਰੋਸ ਕੇ ਕਾਰਪੋਰੇਟ ਦੀ ਸੇਵਾ ਕਰ ਰਹੀ ਹੈ ।
ਆਗੂਆਂ ਨੇ ਜਾਗਰੂਕਤਾ ਮੁਹਿੰਮ ਤਹਿਤ ਮੁਲਾਜ਼ਮਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅਧਿਆਪਕ ਦਿਵਸ 'ਤੇ ਪੂਰੇ ਦੇਸ਼ ਵਿਚ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਅਧਿਆਪਕ ਅਤੇ ਕਰਮਚਾਰੀ ਭੁੱਖ ਹੜਤਾਲ 'ਤੇ ਬੈਠ ਕੇ ਰਾਜ ਅਤੇ ਕੇਂਦਰ ਸਰਕਾਰ ਨੂੰ ਸਪਸ਼ਟ ਸੰਦੇਸ਼ ਦੇਣਗੇ ਕਿ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਤੋਂ ਬਿਨਾਂ ਸਮਾਜਿਕ ਸੁਰੱਖਿਆ ਸੰਭਵ ਨਹੀਂ। ਇਸ ਲਈ ਕਰਮਚਾਰੀ ਦਾ ਸਹੀ ਸਨਮਾਨ ਪੁਰਾਣੀ ਪੈਨਸ਼ਨ ਬਹਾਲੀ ਨਾਲ ਹੀ ਹੋਵੇਗਾ, ਨਾ ਕਿ ਅਧਿਆਪਕ ਦਿਵਸ ਮਨਾ ਕੇ । ਇਸ ਹੜਤਾਲ ਦੇ ਵਿਚ ਪੰਜਾਬ ਦੇ ਸਮੂਹ ਐਨਪੀਐਸ ਕਰਮਚਾਰੀ ਭਾਗ ਲੈਣਗੇ ਤੇ 25 ਨਵੰਬਰ ਨੂੰ ਮੁਲਾਜ਼ਮਾਂ ਵੱਲੋਂ ਦਿੱਲੀ ਕੂਚ ਕੀਤਾ ਜਾਵੇਗਾ।