ਪੰਜਾਬ ਪੁਲਿਸ ਨੇ ਯੂ.ਏ.ਈ. ਤੋਂ ਲਿਆਂਦਾ ਬੀ.ਕੇ.ਆਈ. ਕਾਰਕੁੰਨ ਪਰਮਿੰਦਰ ਸਿੰਘ ਪਿੰਦੀ

ਬਟਾਲਾ, 29 ਸਤੰਬਰ (ਸਤਿੰਦਰ ਸਿੰਘ) - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਮਡਿਊਲ ਦੇ ਲੋੜੀਂਦੇ ਕਾਰਕੁੰਨ ਪਰਮਿੰਦਰ ਸਿੰਘ ਉਰਫ਼ ਪਿੰਦੀ ਦੀ ਹਵਾਲਗੀ ਹਾਸਲ ਕਰਨ ਉਪਰੰਤ ਉਸ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਬੂਧਾਬੀ ਤੋਂ ਬੀਤੇ ਦਿਨੀਂ ਭਾਰਤ ਲੈ ਆਂਦਾ ਹੈ। ਇਹ ਜਾਣਕਾਰੀ ਐਸ.ਐਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਪਿੰਦੀ ਪੁੱਤਰ ਨਿਰਮਲ ਸਿੰਘ ਵਾਸੀ ਹਰਸੀਆਂ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਸੀ ਤੇ ਹੁਣ ਬਰਖ਼ਾਸਤ ਹੈ, ਉਹ ਬੀ.ਕੇ.ਆਈ. ਦਾ ਮੈਂਬਰ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਘੋਸ਼ਿਤ ਅੱਤਵਾਦੀਆਂ ਪਾਕਿਸਤਾਨ ਆਧਾਰਿਤ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਹੈਪੀ ਪਸ਼ੀਆ ਦਾ ਨਜ਼ਦੀਕੀ ਸਾਥੀ ਹੈ। ਉਨ੍ਹਾਂ ਦੱਸਿਆ ਕਿ ਪਿੰਦੀ, ਹਰਵਿੰਦਰ ਸਿੰਘ ਉਰਫ ਰਿੰਦਾ ਤੇ ਹੈਪੀ ਪਸ਼ੀਆ ਦੇ ਕਹਿਣ ’ਤੇ ਕੰਮ ਕਰਦਾ ਹੈ, ਉਸ ਨੂੰ ਦੁਬਈ ਤੋਂ ਡਿਪੋਰਟ ਕਰ ਕੇ ਬਟਾਲਾ ਲਿਆਂਦਾ ਗਿਆ ਹੈ।