ਭਾਰਤ ਨੇ ਅਟਾਰੀ ਸਰਹੱਦ ਰਸਤੇ ਪਾਕਿਸਤਾਨੀ ਪੰਜਾਬ ਦਾ ਇਕ ਕੈਦੀ ਕੀਤਾ ਰਿਹਾਅ

ਅਟਾਰੀ (ਅੰਮ੍ਰਿਤਸਰ), 29 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਪਾਕਿਸਤਾਨ ਪੰਜਾਬ ਦੀ ਭਾਰਤ ਨਾਲ ਲੱਗਦੀ ਸਰਹੱਦ ਗੰਡਾ ਸਿੰਘ ਵਾਲਾ ਰਸਤੇ 22 ਮਹੀਨੇ ਪਹਿਲਾਂ ਸਰਹੱਦ ਪਾਰ ਕਰਕੇ ਭਾਰਤ ਪੁੱਜੇ ਲਹਿਦੇ ਪੰਜਾਬ ਦੇ ਪੰਜਾਬੀ ਨਾਗਰਿਕ ਨੂੰ ਭਾਰਤ ਅੰਦਰ ਦਾਖ਼ਲ ਹੋਣ 'ਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਅੱਜ ਉਸ ਨੂੰ ਭਾਰਤ ਸਰਕਾਰ ਵਲੋਂ ਅਟਾਰੀ ਸਰਹੱਦ ਰਸਤੇ ਬੀਐਸਐਫ ਨੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ।
ਪਾਕਿਸਤਾਨ ਪੰਜਾਬ ਦੇ ਪਿੰਡ ਜੜਾਂਵਾਲਾ ਦਾ ਇਕ ਨੌਜਵਾਨ ਰਕੀਬ ਬਿਲਾਲ, ਲਗਭਗ 22 ਮਹੀਨੇ ਭਾਰਤੀ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਆਖਰਕਾਰ ਘਰ ਪਰਤ ਗਿਆ ਹੈ। ਇਹ ਨੌਜਵਾਨ 22 ਨਵੰਬਰ 2023 ਨੂੰ ਗੰਡਾ ਸਿੰਘ ਵਾਲਾ ਪਾਕਿਸਤਾਨ ਸਰਹੱਦੀ ਖੇਤਰ ਦੇ ਨੇੜੇ ਆਪਣੇ ਇਕ ਦੋਸਤ ਨੂੰ ਮਿਲਣ ਜਾਂਦੇ ਹੋਏ ਗਲਤੀ ਨਾਲ ਭਾਰਤੀ ਖੇਤਰ ਵਿਚ ਦਾਖ਼ਲ ਹੋ ਗਿਆ ਸੀ। ਪਾਕਿਸਤਾਨ ਤੋਂ ਭਾਰਤ ਅੰਦਰ ਸਰਹੱਦ ਪਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਬੀਐਸਐਫ ਦੇ ਜਵਾਨਾਂ ਨੇ ਹਿਰਾਸਤ ਵਿਚ ਲੈ ਲਿਆ ਤੇ ਇਸ ਦੌਰਾਨ ਬੀਐਸਐਫ ਵਲੋਂ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨਵੀਂ ਦਿੱਲੀ ਨੂੰ ਉਸ ਦਿਨ ਤੋਂ ਹੀ ਜਾਣਕਾਰੀ ਦੇਣ ਤੋਂ ਉਪਰੰਤ ਭਾਰਤ ਅੰਦਰ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਲਗਾਤਾਰ ਭਾਰਤ ਸਰਕਾਰ ਨਾਲ ਰਾਬਤਾ ਰੱਖਣ ਉਪਰੰਤ ਉਨ੍ਹਾਂ ਦੇ ਯਤਨਾਂ ਤੋਂ ਬਾਅਦ ਉਸ ਦੀ ਰਿਹਾਈ ਸੰਭਵ ਹੋਈ। ਅੱਜ ਬਾਅਦ ਦੁਪਹਿਰ ਪਾਕਿਸਤਾਨੀ ਕੈਦੀ ਨੂੰ, ਭਾਰਤੀ ਇਮੀਗਰੇਸ਼ਨ ਤੇ ਬੀਐਸਐਫ ਦੇ ਅਧਿਕਾਰੀਆਂ ਨੇ ਵਾਹਗਾ ਸਰਹੱਦ 'ਤੇ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਸੂਤਰਾਂ ਨੇ ਪੁਸ਼ਟੀ ਕੀਤੀ ਕਿ ਨਿਯਮਤ ਜਾਂਚ ਤੋਂ ਬਾਅਦ, ਨੌਜਵਾਨ ਨੂੰ ਉਸਦੇ ਪਰਿਵਾਰ ਨੂੰ ਸੌਂਪਿਆ ਜਾਵੇਗਾ ।