ਸੈਸ਼ਨ ’ਚ ਖ਼ੇਡੀ ਜਾ ਰਹੀ ਹੈ ਝੂਠ ਦੀ ਰਾਜਨੀਤੀ- ਬਰਿੰਦਰ ਕੁਮਾਰ ਗੋਇਲ

ਚੰਡੀਗੜ੍ਹ, 29 ਸਤੰਬਰ- ਵਿਧਾਨ ਸਭਾ ਸੈਸ਼ਨ ਵਿਚ ਸਿੰਚਾਈ ਮੰਤਰੀ ਨੇ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਝੂਠ ਦੀ ਰਾਜਨੀਤੀ ਖ਼ੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਮੁੱਦੇ ਲਈ ਸੈਸ਼ਨ ਬੁਲਾਇਆ ਗਿਆ ਸੀ, ਉਸ ’ਤੇ ਚਰਚਾ ਕਰਨ ਦੀ ਬਜਾਏ, ਵਿਸ਼ਾ ਕਿਸੇ ਹੋਰ ਪਾਸੇ ਚਲਾ ਗਿਆ। ਇਥੇ ਝੂਠ ਦੀ ਰਾਜਨੀਤੀ ਖੇਡੀ ਗਈ। ਹੜ੍ਹ ਪੀੜਤਾਂ ਦੇ ਜ਼ਖ਼ਮਾਂ ਨੂੰ ਭਰਨ ਦੀ ਬਜਾਏ, ਉਨ੍ਹਾਂ ਵਿਚ ਲੂਣ ਛਿੜਕਿਆ ਗਿਆ।
ਵਿਰੋਧੀ ਧਿਰ ਦੇ ਨੇਤਾ ਨੇ ਸਿੰਚਾਈ ਮੰਤਰੀ ਅਤੇ ਪ੍ਰਮੁੱਖ ਸਕੱਤਰ ਦੇ ਅਸਤੀਫ਼ੇ ਦੀ ਮੰਗ ਕੀਤੀ, ਪਰ ਸਾਡੀ ਸਰਕਾਰ ਨੇ ਸਾਢੇ ਤਿੰਨ ਸਾਲਾਂ ਵਿਚ ਉਹ ਕੰਮ ਪੂਰਾ ਕਰ ਲਿਆ ਜੋ ਪਿਛਲੀਆਂ ਸਰਕਾਰਾਂ 70 ਸਾਲਾਂ ਵਿਚ ਨਹੀਂ ਕਰ ਸਕੀਆਂ। ਅਸੀਂ ਪੂਰੇ ਨਹਿਰੀ ਸਿਸਟਮ ਦੀ ਮੁਰੰਮਤ ਕੀਤੀ। ਇਸ ਕਾਰਨ ਹਰਿਆਣਾ ਨੂੰ ਪਾਣੀ ਵਗਦਾ ਰਿਹਾ। ਅਸੀਂ ਹੁਣ ਨਵੇਂ ਟੀਚੇ ਰੱਖੇ ਹਨ। ਇਹ ਲੋਕ ਝੂਠ ਬੋਲ ਕੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਬਾਜਵਾ ਨੇ ਕੱਲ੍ਹ ਮਾਧੋਪੁਰ ਦਾ ਦੌਰਾ ਕੀਤਾ। ਫੋਟੋਆਂ ਬਹੁਤ ਵਧੀਆ ਸਨ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਉੱਥੇ ਜਾਣਾ ਚਾਹੀਦਾ ਸੀ ਜਦੋਂ ਸਥਿਤੀ ਹੋਰ ਵੀ ਬਦਤਰ ਸੀ। ਉੱਥੇ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਗੇਟ ਖੋਲ੍ਹਣ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਰਮਚਾਰੀਆਂ ਲਈ ਇਕ ਵੀ ਸ਼ਬਦ ਨਹੀਂ ਕਿਹਾ।
ਬਾਜਵਾ ਨੇ ਕਿਹਾ ਸੀ ਕਿ ਰਣਜੀਤ ਸਾਗਰ ਤੋਂ 700,000 ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਹ ਝੂਠ ਬੋਲਣਾ ਇਕ ਗੰਭੀਰ ਅਪਰਾਧ ਹੈ। ਦੂਜਾ ਭਾਜਪਾ ਹੈ, ਜੋ ਸਮਾਨਾਂਤਰ ਸੈਸ਼ਨ ਚਲਾ ਰਹੀ ਹੈ। ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਝੂਠ ਬੋਲਣ ਲਈ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ।