ਜਦੋਂ ਵੀ ਸਦਨ ’ਚ ਆਓ, ਇਤਿਹਾਸ ਜ਼ਰੂਰ ਪੜ੍ਹ ਕੇ ਆਇਆ ਕਰੋ- ਮੁੱਖ ਮੰਤਰੀ ਮਾਨ

ਚੰਡੀਗੜ੍ਹ, 29 ਸਤੰਬਰ- ਰੰਗਲਾ ਪੰਜਾਬ ਫੰਡ ਬਾਰੇ ਸਵਾਲ ਉਠਾਉਣ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ 1962 ਵਿਚ ਚੀਨ ਨਾਲ ਜੰਗ ਸ਼ੁਰੂ ਹੋਈ ਸੀ, ਤਾਂ ਰਾਸ਼ਟਰੀ ਰੱਖਿਆ ਫੰਡ ਬਣਾਇਆ ਗਿਆ ਸੀ। ਉਸ ਸਮੇਂ 5 ਕਿਲੋਗ੍ਰਾਮ ਤੋਂ ਵੱਧ ਸੋਨਾ ਇਕੱਠਾ ਕੀਤਾ ਗਿਆ ਸੀ। ਉਸ ਸਮੇਂ ਪੰਜਾਬ ਦੀਆਂ ਔਰਤਾਂ ਨੇ ਜਵਾਹਰ ਲਾਲ ਨਹਿਰੂ ਨੂੰ ਪੂਰੇ ਦੇਸ਼ ਨਾਲੋਂ 47 ਪ੍ਰਤੀਸ਼ਤ ਵੱਧ ਸੋਨਾ ਦਾਨ ਕੀਤਾ ਸੀ।
ਫਿਰ ਜਵਾਹਰ ਲਾਲ ਨਹਿਰੂ ਦੇ 73ਵੇਂ ਜਨਮਦਿਨ ’ਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ 130 ਕਿਲੋਗ੍ਰਾਮ ਸੋਨੇ ਦਾ ਹਾਰ ਭੇਟ ਕੀਤਾ। ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਸੀ ਕਿ ਦੇਸ਼ ਨੂੰ ਸੋਨੇ ਅਤੇ ਖੂਨ ਨਾਲ ਸੁਰੱਖਿਅਤ ਕਰਨਾ ਹੈ। ਅੱਜਕੱਲ੍ਹ ਮਾਵਾਂ ਅਤੇ ਧੀਆਂ ਕੋਲ ਵੱਖ-ਵੱਖ ਗਹਿਣੇ ਹਨ। ਤੁਸੀਂ ਪੰਜਾਬ ਕੰਗਲਾ ਪੰਜਾਬ ਬਣਾ ਦਿੱਤਾ। ਤੁਹਾਨੂੰ ਖਾਣ ਤੋਂ ਸਿਵਾ ਹੋਰ ਕੁਝ ਨਹੀਂ ਦਿੱਸਦਾ। ਉਸ ਸਮੇਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸਿਰਫ਼ ਅੱਧਾ ਕਿਲੋਗ੍ਰਾਮ ਸੋਨਾ ਦਾਨ ਕੀਤਾ ਸੀ, ਜਦੋਂ ਕਿ ਸੋਨੇ ਦੇ ਬਿਸਕੁਟ ਹਮੇਸ਼ਾ ਘਰ ਆਉਂਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਨਾਲ ਨਾ ਉਲਝਿਆ ਕਰੋ ਤੇ ਇਤਿਹਾਸ ਪੜ੍ਹ ਕੇ ਆਇਆ ਕਰੋ।
ਮੁੱਖ ਮੰਤਰੀ ਨੇ ਕਿਹਾ ਕਿ ਰਾਣਾ ਜੀ ਨੇ ਕਿਹਾ ਸੀ ਕਿ ਕਬਰ ਪਹਿਲਾਂ ਹੀ ਪੁੱਟ ਦਿੱਤੀ ਗਈ ਹੈ। ਇਸ ਵਿਚ ਚਾਹੇ ਕ੍ਰਿਸ਼ਨ ਕੁਮਾਰ ਨੂੰ ਸੁੱਟ ਦਿਓ ਜਾਂ ਆਮ ਆਦਮੀ ਪਾਰਟੀ ਨੂੰ।
ਮੁੱਖ ਮੰਤਰੀ ਨੇ ਪੁੱਛਿਆ ਕਿ ਕੀ ਕਾਂਗਰਸ ਨੇ ਕਪੂਰੀ ਵਿਚ ਕਬਰ ਨਹੀਂ ਪੁੱਟੀ? ਕੀ ਉਨ੍ਹਾਂ ਨੇ 1984 ਵਿਚ ਕਬਰ ਨਹੀਂ ਪੁੱਟੀ ਸੀ, ਜਿਸ ’ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਸੀ? ਅਸੀਂ ਕਾਂਗਰਸ ਨੂੰ ਕਬਰ ਵਿਚ ਸੁੱਟਾਂਗੇ ਤੇ ਆਰ.ਆਈ.ਪੀ. ਕਾਂਗਰਸ ਦੀ ਤਖ਼ਤੀ ਵੀ ਲਗਾਵਾਂਗੇ।
ਭਾਜਪਾ ਵਲੋਂ ਕੀਤੇ ਜਾ ਰਹੇ ਇਜਲਾਸ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਇਕ ਨਕਲੀ ਅਸੈਂਬਲੀ ਬਣਾਈ ਹੈ। ਤੁਹਾਡਾ ਵਿੱਤ ਮੰਤਰੀ ਉੱਥੇ ਬੈਠੇ। ਇਸ ’ਤੇ ਬਾਜਵਾ ਨੇ ਜਵਾਬ ਦਿੱਤਾ ਕਿ ਅਸੀਂ ਉਸਨੂੰ ਨੇਤਾ ਨਹੀਂ ਮੰਨਦੇ। ਮੁੱਖ ਮੰਤਰੀ ਨੇ ਇਸ ਦਾ ਜਵਾਬ ਦਿੱਤਾ ਕਿ ਉਸਨੇ ਪੰਜ ਬਜਟ ਪੇਸ਼ ਕਰ ਗਿਆ। ਉੱਥੇ ਜਾਓ, ਤੁਹਾਨੂੰ ਪੂਰੀ ਤਰ੍ਹਾਂ ਬੋਲਣ ਦਾ ਮੌਕਾ ਮਿਲੇਗਾ।
ਉਨ੍ਹਾਂ ਕਿਹਾ ਕਿ ਅਸ਼ਵਨੀ ਪਠਾਨਕੋਟ ਤੋਂ ਚੁਣੇ ਗਏ ਸਨ। ਉਹ ਅਸਲੀ ਅਸੈਂਬਲੀ ਵਿਚ ਨਹੀਂ ਆਉਂਦੇ, ਸਗੋਂ ਇਕ ਨਕਲੀ ਅਸੈਂਬਲੀ ਵਿਚ ਬੋਲ ਰਹੇ ਹਨ। ਪੂਰਾ ਮੰਤਰੀ ਮੰਡਲ ਉੱਥੇ ਬੈਠਾ ਹੈ। ਵਿਜੇ ਸਾਂਪਲਾ ਅਤੇ ਰਾਣਾ ਸੋਢੀ ਉੱਥੇ ਬੈਠੇ ਹਨ, ਸ਼ੇਖ ਚਿੱਲੀ ਵਾਂਗ ਕੰਮ ਕਰ ਰਹੇ ਹਨ। ਹੁਣ ਨਕਲੀ ਵਿਧਾਨ ਸਭਾ ਲਗਾਉਣੀ ਪੈ ਰਹੀ ਹੈ।