JALANDHAR WEATHER

ਵਿਧਾਨ ਸਭਾ ’ਚ ਆਹਮਣੇ ਸਾਹਮਣੇ ਹੋਏ ਚੀਮਾ ਤੇ ਬਾਜਵਾ

ਚੰਡੀਗੜ੍ਹ, 29 ਸਤੰਬਰ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿਚ ਪ੍ਰਤਾਪ ਸਿੰਘ ਬਾਜਵਾ ਦੇ ਜ਼ਮੀਨ ਖਰੀਦ ਰਿਕਾਰਡ ਦਾ ਖ਼ੁਲਾਸਾ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਬਾਜਵਾ ਸਾਹਿਬ ਹਰ ਮੁੱਦੇ ’ਤੇ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਹਨ ਤੇ ਕਦੇ ਗੋਇਲ ਸਾਹਿਬ ਦੇ ਅਸਤੀਫ਼ੇ ਦੀ ਮੰਗ ਕਰਦੇ ਹਨ।

ਉਨ੍ਹਾਂ ਕਿਹਾ ਕਿ ਤੁਹਾਡੀ ਜ਼ਮੀਨ ਪਿੰਡ ਫੁਲੜਾ ਵਿਚ ਖਰੀਦੀ ਗਈ ਸੀ, ਜੋ ਕਿ 16.10 ਮਰਲੇ ਸੀ। ਉਕਤ ਇਲਾਕਾ ਬਿਆਸ ਦਰਿਆ ਦੇ ਨਾਲ ਧੁੱਸੀ ਡੈਮ ਦੇ ਅੰਦਰ ਹੈ। ਕਿਸਾਨ ਤੋਂ ਇਨ੍ਹਾਂ ਨੇ ਇਹ ਜ਼ਮੀਨ 2025 ਵਿਚ ਖ਼ਰੀਦੀ ਸੀ ਕਿਉਂਕਿ ਇਨ੍ਹਾਂ ਨੂੰ ਪਤਾ ਸੀ ਕਿ ਰੇਤ ਆਉਣ ਵਾਲੀ ਹੈ।

ਜਦੋਂ ਬਾਜਵਾ ਕੁਝ ਕਹਿਣ ਲੱਗੇ ਤਾਂ ਮੰਤਰੀ ਚੀਮਾ ਨੇ ਕਿਹਾ ਕਿ ਸ੍ਰੀਮਾਨ ਬਾਜਵਾ ਇਕ ਮਿੰਟ ਰੁਕੋ। ਮੈਨੂੰ ਦੱਸੋ ਕਿ ਕੀ ਤੁਹਾਡੇ ਕੋਲ ਫੁਲਜ਼ਾ ਵਿਚ ਨਹੀਂ ਹੈ। ਤੁਸੀਂ ਹਮੇਸ਼ਾ ਭਾਜਪਾ ਦੇ ਬੁਲਾਰੇ ਬਣੇ ਰਹਿੰਦੇ ਹੋ। ਦੂਜਾ ਪਿੰਡ ਪਾਸਵਾਲ ਹੈ, ਜਿਥੇ ਉਨ੍ਹਾਂ ਨੇ ਦਸ ਏਕੜ ਜ਼ਮੀਨ ਖਰੀਦੀ ਸੀ। ਇਹ ਵੀ ਬਿਆਸ ਦਰਿਆ ਦੇ ਨੇੜੇ ਧੁੱਸੀ ਡੈਮ ਦੇ ਅੰਦਰ ਸੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਵਿਭਾਗ ਨੂੰ ਦੋਸ਼ੀ ਠਹਿਰਾਉਂਦੇ ਹਨ ਕਿਉਂਕਿ ਉਨ੍ਹਾਂ ਦੀ ਜ਼ਮੀਨ ਦੀ ਰੱਖਿਆ ਲਈ 2017 ਅਤੇ 2019 ਵਿਚ ਪੱਥਰ ਦੇ ਸਟੱਡ ਲਗਾਏ ਗਏ ਸਨ। ਉਹ ਚਾਹੁੰਦੇ ਹਨ ਕਿ ਬਾਜਵਾ ਦੀ ਜ਼ਮੀਨ ਸੁਰੱਖਿਅਤ ਹੋਵੇ, ਕਿਸਾਨਾਂ ਦੀ ਨਹੀਂ। ਉਹ ਲਗਾਤਾਰ ਸਰਕਾਰ ’ਤੇ ਦੋਸ਼ ਲਗਾਉਂਦੇ ਹਨ। ਉਨ੍ਹਾਂ ਨੇ 25 ਲੱਖ ਰੁਪਏ ਦੀ ਜਾਇਦਾਦ ’ਤੇ 1 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ।

ਇਸ ਦੇ ਜਵਾਬ ਵਿਚ ਬਾਜਵਾ ਨੇ ਕਿਹਾ ਕਿ ਮੈਂ ਕਿਸਾਨਾਂ ਤੋਂ ਜ਼ਮੀਨ ਖਰੀਦੀ। ਮੈਂ ਇਸ ਦਾ ਭੁਗਤਾਨ ਕੀਤਾ ਹੈ। ਮੈਂ ਸਰਕਾਰ ਨੂੰ ਮਾਲੀਆ ਭਰਿਆ ਹੈ। ਬਾਜਵਾ ਨੇ ਅੱਗੇ ਕਿਹਾ ਕਿ ਆਬਕਾਰੀ ਮੰਤਰੀ ਹਰ ਮਹੀਨੇ ਸ਼ਰਾਬ ਫੈਕਟਰੀਆਂ ਤੋਂ ਪੈਸੇ ਲੈਂਦੇ ਹਨ। ਉਹ ਇਕ ਡਿਸਟਿਲਰੀ ਤੋਂ 1.25 ਕਰੋੜ ਰੁਪਏ ਅਤੇ ਹਰ ਮਹੀਨੇ 35 ਤੋਂ 40 ਕਰੋੜ ਰੁਪਏ ਇਕੱਠੇ ਕਰਦੇ ਹਨ ਤੇ ਸ਼ਰਾਬ ਨੀਤੀ ਤੋਂ 12,000 ਕਰੋੜ ਰੁਪਏ ਦਾ ਗਬਨ ਵੀ ਕੀਤਾ ਹੈ।

ਵਿੱਤ ਮੰਤਰੀ ਚੀਮਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਦੋਂ ਅਸੀਂ ਸੱਚ ਬੋਲਦੇ ਹਾਂ ਤਾਂ ਉਹ ਚਿੜ ਜਾਂਦੇ ਹਨ ਤੇ ਇਸ ’ਤੇ ਦੋਹਾਂ ਆਗੂਆਂ ਵਿਚ ਬਹਿਸ ਹੋ ਗਈ। ਸਪੀਕਰ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਹੰਗਾਮਾ ਜਾਰੀ ਰਿਹਾ ਤਾਂ ਸਦਨ ਨੂੰ 10 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ